Shaheed Alam Singh Chauhan

ਸਰਦਾਰ ਆਲਮ ਸਿੰਘ ਚੌਹਾਨ

 ਸਰਦਾਰ ਆਲਮ ਸਿੰਘ ਚੌਹਾਨ ਉਰਫ ਆਲਮ ਸਿੰਘ ਨੱਚਣਾ

ਆਲਮ ਸਿੰਘ ਚੌਹਾਨ ਗਤਕਾ ਦਾ ਇੰਨਾ ਮਾਹਿਰ ਸੀ ਕਿ ਇੰਝ ਲੱਗਦਾ ਸੀ ਜਿਵੇਂ ਨੱਚਦਾ ਹੋਵੇ। ਦੁਰਗਾ ਦਾਸ ਜੀ ਦਾ ਪੁੱਤਰ , ਪਦਮ ਰਾਇ ਜੀ ਦਾ ਪੋਤਰਾ ਅਤੇ ਕੌਲਦਾਸ ਜੀ ਦਾ ਪੜਪੋਤ੍ਰਾ, ਅਗਨੀਵੰਸ਼ੀ  ਰਾਜਪੂਤ।

 

“ਆਲਮ ਸਿੰਘ ਧਰੇ ਸਭ ਆਯੁਧ, ਜਾਤ ਜਿਸੀ ਰਾਜਪੂਤ ਭਲੇਰੀ॥

ਖਾਸ ਮੁਸਾਹਿਬ ਦਾਸ ਗੁਰੂ ਕੋ, ਪਾਸ ਰਹੇ ਨਿਤ ਸ਼੍ਰੀ ਮੁੱਖ ਹੇਰੀ।

ਬੋਲਨ ਕੇਰ ਵਿਲਾਸ ਕਰੇ, ਜਿਹ ਸੰਗ ਸਦਾ ਕਰੁਣਾ ਬਹੁਤੇਰੀ।

ਆਯਸ ਲੇ ਹਿਤ ਸੰਘਰ ਕੇ, ਮਨ ਹੋਏ ਅਨੰਦ ਚਲਿਓ ਤਿਸ ਬੇਰੀ। ''

(ਸੂਰਜ ਪ੍ਰਕਾਸ਼ ਗ੍ਰੰਥ - ਕਵੀ ਸੰਤੋਖ ਸਿੰਘ ਜੀ.. ਰੁਤ 6, ਅੰਸੂ 39, ਪੰਨਾ 2948)

 

ਸਰਦਾਰ ਆਲਮ ਸਿੰਘ ਚੌਹਾਨ ਦਾ ਜਨਮ 1660 ਪਿੰਡ ਦਬੁਰਜੀ ਉਦੇਕਰਣ ਵਾਲੀ  ਜ਼ਿਲਾ ਸਿਆਲਕੋਟ ਵਿੱਚ ਹੋਇਆ। ਇਹ ਪਿੰਡ ਇਨ੍ਹਾਂ ਦੇ ਵਡੇਰਿਆਂ ਨੇ ਵਸਾਇਆ ਸੀ। ਭਾਈ ਆਲਮ ਸਿੰਘ ਜੀ ਦੇ ਦਾਦਾ ਜੀ ਦੇ ਭਰਾ ਰਾਓ ਕਿਸ਼ਨ ਰਾਏ ਜੀ ਜੋ ਇੱਕ ਮਹਾਨ ਯੋਧਾ ਸਨ। 27 ਅਪ੍ਰੈਲ 1635 ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਮੁਗਲਾਂ ਵਿਰੁੱਧ ਲੜੀ ਗਈ ਕਰਤਾਰਪੁਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ।

ਤਕਰੀਬਨ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨਾਲ ਅਨੰਦਪੁਰ ਸਾਹਿਬ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹਿਣ ਲੱਗ ਪਏ। ਆਲਮ ਸਿੰਘ ਚੌਹਾਨ ਦੇ ਆਨੰਦ ਕਾਰਜ ਬੀਬੀ ਭਿੱਖਾਂ ਜੀ ਨਾਲ ਪੜ੍ਹੇ ਗਏ। ਜੋ ਮਹਾਨ ਯੋਧਾ ਸਰਦਾਰ ਬੱਜਰ ਸਿੰਘ ਰਾਠੌਰ ਜੀ ਦੀ ਪੁੱਤਰੀ ਸੀ।  ਆਲਮ ਸਿੰਘ ਦਾ ਪਹਿਲਾ ਨਾਮ ਆਲਮ ਚੰਦ ਚੌਹਾਨ ਸੀ ਜੋ ਅੰਮ੍ਰਿਤ ਛਕਣ ਤੋਂ ਬਾਅਦ ਆਲਮ ਸਿੰਘ ਬਣੇ।

ਸ਼ੁਰੂ ਤੋਂ ਲੈ ਕੇ ਆਪਣੀ ਸ਼ਹੀਦੀ ਤੱਕ ਆਲਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀ ਗਈ ਹਰੇਕ ਜੰਗ ਵਿੱਚ ਸ਼ਾਮਿਲ ਸਨ। ਖਾਲਸਾ ਸਾਜਨਾ ਤੋਂ ਇੱਕ ਸਾਲ ਪਹਿਲਾਂ ਗੁਰੂ ਜੀ ਸ਼ਿਕਾਰ ਖੇਲਣ ਗਏ ਤਾਂ ਦੂਜੇ ਪਾਸੇ ਸ਼ਿਕਾਰ ਖੇਡ ਰਹੇ ਦੋ ਸ਼ਿਕਾਰੀਆਂ ਬਲੀਆ ਚੰਦ ਅਤੇ ਆਲਮ ਨੇ ਗੁਰੂ ਜੀ ਦੀ ਟੋਲੀ ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਬਲੀਆ ਨੂੰ ਡਰਾ ਕੇ ਭਜਾ ਦਿੱਤਾ ਅਤੇ ਆਲਮ ਸਿੰਘ ਨੇ ਵਿਰੋਧੀ ਆਲਮ ਨੂੰ ਜਖਮੀ ਕਰ ਦਿੱਤਾ ਅਤੇ ਉਹ ਭੱਜ ਗਿਆ।

ਸਰਦਾਰ ਆਲਮ ਸਿੰਘ ਚੌਹਾਨ ਦੀ ਡਿਊਟੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਦੀ ਡਿਊਟੀ ਸੀ।

ਨਾਦੌਣ ਦੀ ਲੜਾਈ ਵਿੱਚ ਗੁਰੂ ਜੀ ਦੀਆਂ ਫੌਜਾਂ ਨੇ ਮੁਸਲਮਾਨਾਂ ਵਿਰੁੱਧ ਪਹਾੜੀ ਰਾਜਿਆਂ ਦਾ ਸਾਥ ਦਿੱਤਾ। 20 ਮਾਰਚ 1691 ਦੇ ਦਿਨ ਨਾਦੌਨ ਦੀ ਲੜਾਈ ਲਈ ਜਾਣ ਵਾਲੀ ਫੌਜ ਦੇ ਮੁੱਖੀ ਜਰਨੈਲ ਸਨ: ਦੀਵਾਨ ਨੰਦਚੰਦ, ਭਾਈ ਪਰਮਦਾਸ ਬਿਛਰ, ਭਾਈ ਮਣੀ ਰਾਮ (ਸਿੰਘ) ਅਤੇ ਭਾਈ ਆਲਮ ਨੱਚਣਾ (ਸਿੰਘ) ਸਨ। ਇਸ ਲੜਾਈ ਵਿੱਚ ਭਾਈ ਆਲਮ ਸਿੰਘ ਨੱਚਣਾ ਜੀ ਨੇ ਬਹੁਤ ਬਹਾਦਰੀ ਦੇ ਜੌਹਰ ਦਿਖਾਏ ਅਤੇ ਪਹਾੜੀ ਰਾਜਿਆਂ ਨਾਲ ਮਿਲ ਕੇ ਮੁਗਲਾਂ ਨੂੰ ਹਰਾ ਦਿੱਤਾ। ਇਸ ਦਾ ਬਦਲਾ ਲੈਣ ਲਈ ਲਾਹੌਰ ਸੂਬੇਦਾਰ ਦਿਲਾਵਰ ਖਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਅਨੰਦਪੁਰ ਤੇ ਚੜ੍ਹਾਈ ਕਰਨ ਲਈ ਭੇਜਿਆ। ਅਨੰਦਪੁਰ ਕਿਲੇ ਵਿੱਚ ਅੱਧੀ ਰਾਤ ਨੂੰ ਸਰਦਾਰ ਆਲਮ ਸਿੰਘ ਚੌਹਾਨ ਨੂੰ ਰੁਸਤਮ ਖਾਨ ਦੀ ਆਮਦ ਦਾ ਪਤਾ ਲੱਗਾ ਉਸ ਨੇ ਅੱਧੀ ਰਾਤ ਨੂੰ ਗੁਰੂ ਜੀ ਨੂੰ ਸੁੱਤਿਆਂ ਜਗਾ ਦਿੱਤਾ। ਹੁਕਮਾਂ ਅਨੁਸਾਰ ਸਭ ਸਿੰਘਾਂ ਨੇ ਤਿਆਰ ਹੋ ਕੇ ਹਮਲਾ ਕਰ ਦਿੱਤਾ ਅਤੇ ਰੁਸਤਮ ਖਾਨ ਨੂੰ ਹਾਰ ਕੇ ਭੱਜਣਾ ਪਿਆ। ਇੱਕ ਵਾਰ ਆਲਮ ਸਿੰਘ ਚੌਹਾਨ ਨੇ ਇੱਕ ਹੱਥ ਨਾਲ ਹੀ ਸ਼ੇਰ ਮਾਰ ਦਿੱਤਾ।

ਜਦੋਂ ਗੁਰੂ ਜੀ ਨੇ ਖਾਲਸਾ ਸਾਜਿਆ ਸਾਜਿਆ ਤਾਂ ਪਹਿਲਾਂ ਪੰਜ ਪਿਆਰੇ, ਫਿਰ ਪੰਜ ਮੁਕਤੇ ਅਤੇ ਫਿਰ ਭਾਈ ਆਲਮ ਸਿੰਘ ਅਤੇ ਸਾਥੀਆਂ ਨੇ ਅੰਮ੍ਰਿਤ ਛਕਿਆ। ਜਿਨ੍ਹਾਂ 40 ਮੁਕਤਿਆਂ ਨੇ ਕਦੀ ਵੀ ਗੁਰੂ ਜੀ ਦਾ ਸਾਥ ਨਾ ਛੱਡਣ ਦੀ ਕਸਮ ਖਾਧੀ ਸੀ ਉਨ੍ਹਾਂ ਵਿੱਚ ਸਰਦਾਰ ਆਲਮ ਸਿੰਘ ਚੌਹਾਨ ਵੀ ਸੀ।

ਬੀਬੀ ਭਿੱਖਾਂ ਦੇਈ ਅਤੇ ਸਰਦਾਰ ਆਲਮ ਸਿੰਘ ਚੌਹਾਨ ਦੇ ਘਰ ਤਿੰਨ ਪੁੱਤਰ ਮੋਹਰ ਸਿੰਘ , ਬਹੁਮੁੱਲਾ ਸਿੰਘ ਅਤੇ ਬਾਘੜ ਸਿੰਘ ਜਨਮੇ। ਬੀਬੀ ਭਿੱਖਾਂ ਦੇਈ ਜੀ ਵੀ ਯੁੱਧ ਕਲਾ ਵਿੱਚ ਨਿਪੁੰਨ ਸਨ। 1705 ਵਿੱਚ ਜਦੋਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ। ਮੁਸਲਮਾਨਾਂ ਨੇ ਪਿੱਛੋਂ ਹੱਲਾ ਬੋਲ ਦਿੱਤਾ। ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈ ਗਿਆ। ਸਰਸਾ ਨਦੀ ਜਿਸ ਨੂੰ ਅਜਕਲ ਸਤਲੁਜ ਕਿਹਾ ਜਾਂਦਾ ਹੈ। ਬੀਬੀ ਭਿੱਖਾਂ ਦੇਈ ਅਤੇ ਹੋਰ ਸਿੰਘਾਂ ਦੀ ਡਿਊਟੀ ਲੱਗੀ ਕਿ ਮੁਸਲਮਾਨਾਂ ਨੂੰ ਰੋਕਿਆ ਜਾਵੇ। ਤਕਰੀਬਨ 200 ਸਿੰਘਾਂ ਅਤੇ ਸਿੰਘਣੀਆਂ ਨੇ ਉਨ੍ਹਾਂ ਨੂੰ ਰੋਕ ਕੇ ਪਿੰਡ ਝੱਖੀਆਂ ਵਿੱਚ ਮੁਕਾਬਲਾ ਕੀਤਾ ਅਤੇ ਸਾਰੇ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਬੀਬੀ ਭਿੱਖਾਂ ਜੀ ਵੀ ਸੀ।

ਅੱਗੇ ਵਧਣ ਵਾਲੇ ਜਥੇ ਅੱਗੇ ਵਧ ਗਏ। ਚਮਕੌਰ ਪਿੰਡ ਵਿੱਚ ਪਹੁੰਚਣ ਵਾਲਾ ਜਥਾ ਗੁਰੂ ਜੀ ਸਮੇਤ 41 ਸਨ ਜਿਨ੍ਹਾਂ ਵਿਚ ਆਲਮ ਸਿੰਘ ਚੌਹਾਨ ਵੀ ਸੀ। ਰਾਇ ਬੁੱਧੀ ਚੰਦ ਅਤੇ ਰਾਇ  ਗਰੀਬ ਦਾਸ ਦੀ ਹਵੇਲੀ ਵਿੱਚ ਠਾਹਰ ਮਿਲੀ। ਆਲਮ ਸਿੰਘ ਚੌਹਾਨ ਇੱਥੇ ਵੀ ਬਹੁਤ ਬਹਾਦਰੀ ਨਾਲ ਲੜੇ। 23 ਦਸੰਬਰ 1705 ਨੂੰ ਰਾਤ ਤਕ  41 ਵਿਚੋਂ 35 ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਆਲਮ ਸਿੰਘ ਚੌਹਾਨ, ਉਨ੍ਹਾਂ ਦੇ ਭਰਾ ਸਰਦਾਰ ਬੀਰ ਸਿੰਘ ਅਤੇ ਦੋ ਵੱਡੇ ਪੁੱਤਰ ਮੋਹਰ ਸਿੰਘ ਅਤੇ ਅਮੋਲਕ ਸਿੰਘ ਨੇ ਵੀ ਸ਼ਹੀਦੀ ਜਾਮ ਪੀਤਾ। ਸਰਦਾਰ ਆਲਮ ਸਿੰਘ ਦੇ ਤੀਸਰੇ ਪੁੱਤਰ ਬਹੁਮੁੱਲਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਚੱਪੜਚਿੜੀ ਦੇ ਯੁੱਧ ਵਿੱਚ ਆਪਣੇ ਨਾਨਾ ਜੀ ਸਰਦਾਰ ਬੱਜਰ ਸਿੰਘ ਰਾਠੌਰ ਨਾਲ ਹਿੱਸਾ ਲਿਆ ਅਤੇ ਨਾਂਅ ਦੋਹਤਾ ਚੱਪੜਚਿੜੀ ਦੇ ਮੈਦਾਨ ਵਿੱਚ ਸ਼ਹੀਦੀ ਪਾ ਗਏ।

Writer and Researcher

Satinder Singh Parhar

References

1. Bhalla, Sarup Das, Mahima Prakash. PATIALA, 1971

 2. Kuir Singh, GurbiJas Patshahi 10. Patiala, 1968

3. Macauliffe, Max Arthur, The Sikh Religion. Oxford, 1909

4. Harbans Singh, Guru Gobind Singh. Chandigarh, 1966