Pind Baddon
ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਪਿੰਡ ਬੱਡੋਂ (ਹੁਸ਼ਿਆਰਪੁਰ)
ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਪਿੰਡ ਬੱਡੋਂ (ਹੁਸ਼ਿਆਰਪੁਰ)
(ਬੱਸੀ ਕਲਾਂ ਦੀਆਂ ਬ੍ਰਾਹਮਣ ਬੱਚੀਆਂ ਕਿਵੇਂ ਛੁਡਵਾਈਆਂ)
ਬਾਬਾ ਕਰਮ ਸਿੰਘ ਪਿੰਡ ਬੱਡੋਂ ਕਿਵੇਂ ਪਹੁੰਚੇ?
ਸਰਦਾਰ ਵਾਸਦੇਵ ਸਿੰਘ ਪਰਹਾਰ ਸਾਹਿਬ ਦੀ ਖੋਜ।
ਗੱਲ ਔਰੰਗਜੇਬ ਦੇ ਸਮੇਂ ਦੀ ਹੈ। ਪਿੰਡ ਬੱਸੀ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਮੁਸਲਮਾਨ ਚੌਧਰੀ ਪਠਾਣ ਜ਼ਾਬਰ ਖਾਂ ਰਹਿੰਦਾ ਸੀ। ਜਿਸ ਤਰਾਂ ਦਾ ਨਾਮ ਕੰਮ ਵੀ ਉਸੇ ਤਰਾਂ ਦੇ ਕਰਦਾ ਸੀ। ਔਰਤ ਦੀ ਇੱਜਤ ਨਹੀਂ ਕਰਦਾ ਸੀ। ਗੁਰੂ ਗੋਬਿੰਦ ਸਿੰਘ ਤੱਕ ਸ਼ਿਕਾਇਤ ਪਹੁੰਚੀ ਕਿ ਕੁੱਝ ਬ੍ਰਾਹਮਣ ਬੱਚੀਆਂ ਨੂੰ ਜਬਰਨ ਕੈਦੀ ਬਣਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਭਾਈ ਉਦੈ ਸਿੰਘ ਜੀ (ਭਾਈ ਮਨੀ ਸਿੰਘ ਜੀ ਦੇ ਵੱਡੇ ਪੁੱਤਰ) ਦੀ ਡਿਊਟੀ ਲਾਈ ਕਿ ਜਾਬਰ ਖਾਂ ਤੋਂ ਬੱਚੀਆਂ ਨੂੰ ਛੁਡਾਇਆ ਜਾਵੇ ਅਤੇ ਪਠਾਣ ਜਾਬਰ ਖਾਂ ਨੂੰ ਜ਼ਿੰਦਾ ਫੜ ਕੇ ਲਿਆਉਣਾ ਹੈ। ਕੁੱਝ ਸਿੱਖ ਲੈ ਕੇ ਪਿੰਡ ਬੱਸੀ ਕਲਾਂ ਲਈ ਰਵਾਨਾ ਹੋਏ। ਪਿੰਡ ਪਹੁੰਚ ਕੇ ਜਾਬਰ ਖਾਂ ਨਾਲ ਯੁੱਧ ਹੋਇਆ। ਬੱਚੀਆਂ ਛੁਡਾ ਲਈਆਂ ਘਰ ਪਹੁੰਚਾ ਦਿੱਤੀਆਂ ਗਈਆਂ। ਕੁੱਝ ਜਾਨੀ ਨੁਕਸਾਨ ਵੀ ਹੋਇਆ ਪਰ ਗੁਰੂ ਜੀ ਦੇ ਹੁਕਮਾਂ ਅਨੁਸਾਰ ਜਾਬਰ ਖਾਂ ਨੂੰ ਜ਼ਿੰਦਾ ਫੜ ਲਿਆ ਗਿਆ। ਜਦੋਂ ਅਨੰਦਪੁਰ ਲਿਜਾ ਰਹੇ ਸਨ ਤਾਂ ਮਾਹਿਲਪੁਰ ਤੋਂ ਇੱਕ ਮੀਲ ਦੂਰ ਪਠਾਣਾਂ ਨੇ ਫਿਰ ਹਮਲਾ ਕਰ ਦਿੱਤਾ ਕਿਉਂਕਿ ਜਾਬਰ ਖਾਂ ਜ਼ਿੰਦਾ ਸੀ ਪਠਾਣ ਉਸ ਨੂੰ ਛੁਡਾਉਣ ਆਏ ਸਨ, ਅਗਰ ਉਥੇ ਹੀ ਮਾਰ ਦਿੰਦੇ ਕਿਸੇ ਨੇ ਪਿੱਛਾ ਨਹੀਂ ਕਰਨਾ ਸੀ। ਫਿਰ ਲੜਾਈ ਹੋਈ ਜਿਸ ਵਿੱਚ ਬਾਬਾ ਕਰਮ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜੱਥੇ ਵਿੱਚ ਪਿੰਡ ਬੱਡੋਂ ਦੇ ਸਿੱਖ ਵੀ ਸਨ ਜੋ ਪਰਮਾਰ ਵੰਸ਼ ਦਾ ਪਿੰਡ ਹੈ। ਬਾਬਾ ਉਦੈ ਸਿੰਘ ਵੀ ਇਸੇ ਪਰਮਾਰ ਵੰਸ਼ ਵਿੱਚੋਂ ਸਨ। ਸੱਭ ਨੇ ਸਲਾਹ ਬਣਾਈ ਕਿ ਸਿੱਧਾ ਅਨੰਦਪੁਰ ਜਾਣ ਦੀ ਬਜਾਇ ਪਹਿਲਾਂ ਪਿੰਡ ਬੱਡੋਂ ਨੂੰ ਜਾਇਆ ਜਾਵੇ ਤਾਂ ਕਿ ਪਠਾਣਾ ਨੂੰ ਪਤਾ ਨਾ ਲੱਗੇ। ਬਾਬਾ ਅਜੀਤ ਸਿੰਘ ਜੀ 3 ਮਾਰਚ 1703 ਨੂੰ ਪਿੰਡ ਬੱਡੋਂ ਆਏ ਸਨ। ਕੁੱਝ ਦਿਨ ਇੱਥੇ ਰੁਕੇ। ਬਾਬਾ ਕਰਮ ਸਿੰਘ ਜੀ ਦੇ ਫੱਟ ਗਹਿਰੇ ਸਨ। ਸਫਰ ਦੀ ਬਜਾਇ ਪਿੰਡ ਵਾਲਿਆਂ ਨੂੰ ਸੇਵਾ ਕਰਨ ਲਈ ਕਿਹਾ। ਬੱਡੋਂ ਵਾਲਿਆਂ ਨੇ ਬਹੁਤ ਸੇਵਾ ਕੀਤੀ ਪਰ ਤਿੰਨ ਮਹੀਨੇ ਬਾਅਦ ਬਾਬਾ ਕਰਮ ਸਿੰਘ ਜੀ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ। ਪਿੰਡ ਵਾਲਿਆਂ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਉਸਾਰਿਆ ਜੋ ਅੱਜ ਵੀ ਮੌਜੂਦ ਹੈ। ਜਦੋਂ ਸਿੱਖ ਮਿਸਲਾਂ ਨੇ ਪੰਜਾਬ ਤੇ ਆਪੋ ਆਪਣੇ ਕਬਜੇ ਕਰ ਲਏ ਤਾਂ ਇਹ ਇਲਾਕਾ ਬਾਬਾ ਬਘੇਲ ਸਿੰਘ ਦੀ ਕਰੋੜਸਿੰਘੀਆ ਮਿਸਲ ਥੱਲੇ ਆਉਂਦਾ ਸੀ ਜਿਸ ਦਾ ਹੈਡ ਕੁਆਟਰ ਰਿਹਾਣਾ ਭੂੰਗਾ ਸੀ। ਬਾਬਾ ਬਘੇਲ ਸਿੰਘ ਦੇ ਹੁਕਮ ਅਨੁਸਾਰ ਆਲੇ-ਦੁਆਲੇ ਦੇ ਪਿੰਡਾਂ ਦੀ ਜਮੀਨ ਦਾ ਮਾਮਲਾ ਇਸ ਗੁਰਦੁਆਰਾ ਦੇ ਨਾਮ ਕਰ ਜਗੀਰ ਵਜੋਂ ਕਰ ਦਿੱਤਾ ਸੀ ਕੁੱਝ ਜਮੀਨ ਵੀ ਦਿੱਤੀ ਗਈ ਸੀ।
ਵਾਸਦੇਵ ਸਿੰਘ ਪਰਹਾਰ ਸਾਹਿਬ ਦੀ ਕਿਤਾਬ "ਸਿੱਖ ਰਾਜਪੂਤਾਂ ਦੇ ਪਿੰਡਾਂ ਦਾ ਇਤਿਹਾਸ ਭਾਗ ਪਹਿਲਾ" ਵਿਚੋਂ