Baba Bachittar Singh Parmar (Pawar)
ਸ਼ਹੀਦ ਬਾਬਾ ਬਚਿੱਤਰ ਸਿੰਘ
ਸ਼ਹੀਦ ਬਾਬਾ ਬਚਿੱਤਰ ਸਿੰਘ ਸਪੁੱਤਰ ਬਾਬਾ ਮਨੀ ਸਿੰਘ।
ਬਾਬਾ ਬਚਿੱਤਰ ਸਿੰਘ (6 ਮਈ 1664 – 22 ਦਸੰਬਰ 1705)
ਜਦੋਂ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਦੇ ਮਨ ਵਿੱਚ ਇੱਕ ਤਸਵੀਰ ਆਉਂਦੀ ਕਿ ਬਾਬਾ ਬਚਿੱਤਰ ਸਿੰਘ ਪਿੰਡ ਪਧਿਆਣਾ। ਇਸ ਦਾ ਕਾਰਣ ਇਹ ਹੈ ਕਿ ਅੱਜ ਤੋਂ ਕੁੱਝ ਸਾਲ ਪਹਿਲਾਂ ਤੱਕ ਕਿਲਾ ਲੋਹਗੜ੍ਹ ਅਨੰਦਪੁਰ ਦੀ ਇੱਕ ਕੰਧ ਉਪਰ ਸਰਦਾਰ ਬਚਿੱਤਰ ਸਿੰਘ ਜੀ ਦੀ ਤਸਵੀਰ ਬਣਾਈ ਹੋਈ ਸੀ ਜਿਸ ਉਪਰ ਲਿਖਿਆ ਸੀ "ਸ਼ਹੀਦ ਬੱਚਿਤਰ ਸਿੰਘ ਪਧਿਆਣਾ "।
ਪਰ ਅਗਰ ਸ ਵਾਸਦੇਵ ਸਿੰਘ ਪਰਹਾਰ ਸਾਹਿਬ, ਸ ਗਰਜਾ ਸਿੰਘ ਚੌਹਾਨ ਸਾਹਿਬ ਦੀਆਂ ਖੋਜਾਂ ਅਤੇ ਭੱਟ ਬਹੀਆਂ ਵਿੱਚ ਲਿਖੇ ਨੂੰ ਦੇਖੀਏ ਤਾਂ ਇਹ ਸੱਚ ਨਹੀਂ ਹੈ ਕਿਉਂਕਿ ਸਰਦਾਰ ਮਨੀ ਸਿੰਘ ਜੀ ਦੇ ਪਰਿਵਾਰ ਦੀ ਰਿਹਾਇਸ਼ ਪਾਕਿਸਤਾਨ ਵਿੱਚ ਪਿੰਡ ਅਲੀਪੁਰ ਸੀ।
ਇੱਕ ਹੋਰ ਗੱਲ ਦਾ ਪਤਾ ਲੱਗਾ ਹੈ ਕਿ ਜੋ ਪਵਾਰ ਪਿੰਡ ਘੁੜਿਆਲ ਵਿੱਚ ਬੈਠੇ ਹਨ ਇਹ ਪਹਿਲਾਂ ਮਿਨਹਾਸ ਵੰਸ਼ ਕੋਲ ਆਏ ਅਤੇ ਪਿੰਡ ਪਧਿਆਣਾ ਵਿੱਚ ਵਸੇ। ਇਨ੍ਹਾਂ ਘੁੜਿਆਲ ਦੇ ਪਵਾਰਾਂ ਦਾ ਸਰਦਾਰ ਮਨੀ ਸਿੰਘ ਜੀ ਦੇ ਪਰਿਵਾਰ ਨਾਲ ਸਿੱਧਾ ਸੰਬੰਧ ਹੈ। ਮਿਨਹਾਸ ਵੰਸ਼ ਜਿਸ ਨੂੰ ਡਰੋਲੀ ਕਲਾਂ ਅਤੇ ਆਲੇ-ਦੁਆਲੇ ਦੀ ਜਗੀਰ ਮਿਲੀ ਹੋਈ ਸੀ ਜੋ ਇੱਕ ਬਹੁਤ ਵੱਡੀ ਜਗੀਰ ਸੀ। ਜੋ ਸ਼੍ਰੀ ਕੈਲਾਸ਼ ਦੇਵ ਅਤੇ ਉਨ੍ਹਾਂ ਦੇ 3 ਪੁੱਤਰਾਂ ਸ਼੍ਰੀ ਕੱਤੀ ਦੇਵ, ਸ਼੍ਰੀ ਅੰਸ਼ੂਪਾਲ ਅਤੇ ਬਾਬਾ ਮੱਤੀ ਦੇਵ ਜੀ ਨੂੰ ਕਾਂਗੜੇ ਦੇ ਰਾਜਾ ਹਰੀ ਚੰਦ ਜਸਵਾਲ/ਜਸਵਾਨ ਵਲੋਂ ਦਿੱਤੀ ਗਈ ਸੀ।
ਸਰਦਾਰ ਬਚਿੱਤਰ ਸਿੰਘ ਦਾ ਜਨਮ ਕਿਸੇ ਨੇ 6 ਮਈ ਅਤੇ ਕਿਸੇ ਨੇ 13 ਮਈ 1664 ਦਾ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਤਕਰੀਬਨ ਸਾਰੇ ਕਸ਼ੱਤਰੀਯ (ਅੱਜ ਰਾਜਪੂਤ) ਹੀ ਸਨ। ਇਨ੍ਹਾ ਵਿੱਚ ਭਾਈ ਮਨੀ ਸਿੰਘ ਜੀ ਦਾ ਖਾਨਦਾਨ ਵੀ ਸੀ। ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਸ਼ਹੀਦ ਬਾਬਾ ਮਨੀ ਸਿੰਘ ਦੇ ਦਸ ਪੁੱਤਰਾਂ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨੈਕ ਸਿੰਘ, ਭਾਈ ਅਜੈਬ ਸਿੰਘ, ਭਾਈ ਅਜਾਬ ਸਿੰਘ,ਭਾਈ ਗੁਰਬਖਸ਼ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਲਰਾਮ ਸਿੰਘ, ਭਾਈ ਦੇਸਾ ਸਿੰਘ, ਵਿੱਚੋ ਇੱਕ ਸਨ।
1699 ਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦ ਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਉਨ੍ਹਾਂ ਲੋਕਾਂ ਲਈ ਇੱਕ ਖਾਸ ਦਿਨ ਸੀ ਜਿਨ੍ਹਾਂ ਨੂੰ ਹੱਥ ਵਿੱਚ ਤਲਵਾਰ ਫੜਨੀ ਨਹੀਂ ਆਉਂਦੀ ਸੀ। ਇਸ ਸਮੇਂ ਗੁਰੂ ਸਾਹਿਬ ਦੇ ਨਾਲ ਬਾਬਾ ਬੱਜਰ ਸਿੰਘ ਰਾਠੌਰ ਵਰਗੇ ਯੁੱਧ ਕਲਾ ਦੇ ਮਹਾਂਰਥੀ ਸਨ। ਜਿਨ੍ਹਾਂ ਕੋਲ ਸੱਭ ਸਿਖਿਆਰਥੀਆਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਕਰਨ ਦੀ ਸਮਰੱਥਾ ਸੀ।
1699 ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ 3 ਲੜਾਈਆਂ ਲੜੀਆਂ ਸਨ ਜਿਸ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਆਪਣੇ ਰਿਸ਼ਤੇਦਾਰਾਂ, ਸਿੱਖ ਅਤੇ ਸਨਾਤਨੀ ਰਾਜਪੂਤਾਂ ਨੇ ਦਿੱਤਾ ਸੀ ਪਰ ਕੁੱਝ ਸਨਾਤਨੀ ਰਾਜਪੂਤ ਗੁਰੂ ਸਾਹਿਬ ਦਾ ਵਿਰੋਧ ਵੀ ਕਰਦੇ ਸਨ। ਇਹ ਵਿਰੋਧ ਰਾਜਾ ਭੀਮ ਚੰਦ ਵਲੋਂ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਉਸ ਦੇ ਪੁੱਤਰ ਦੇ ਵਿਆਹ ਲਈ ਗੁਰੂ ਜੀ ਨੇ ਦਰਬਾਰੀ ਹਾਥੀ ਨਹੀਂ ਦਿੱਤਾ ਸੀ।
1 ਸਤੰਬਰ 1700 ਵਾਲਾ ਦਿਨ ਸੀ ਅਤੇ ਮਿੱਤਰ ਰਾਜਿਆਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ। ਸਤਿਗੁਰੂ ਜੀ ਨੂੰ ਦੁਸ਼ਮਣਾਂ ਦੀ ਵਿਉਂਤ ਦੀ ਪਹਿਲਾਂ ਹੀ ਖਬਰ ਮਿਲ ਚੁੱਕੀ ਸੀ ਕਿ ਸ੍ਰੀ ਲੋਹਗੜ੍ਹ ਕਿਲ੍ਹੇ ਦਾ ਮੁੱਖ ਦਰਵਾਜਾ ਤੋੜਨ ਦੇ ਲਈ ਪਹਾੜੀ ਰਾਜਿਆਂ ਨੇ ਇਕ ਹਾਥੀ ਤਿਆਰ ਕੀਤਾ ਜਿਸ ਨੂੰ ਮਸਤ ਕਰਨ ਲਈ ਸ਼ਰਾਬ ਪਿਲਾਈ ਗਈ, ਮੱਥੇ ਤੇ ਲੋਹੇ ਦੀਆਂ ਤਵੀਆਂ ਬੰਨ੍ਹੀਂਆਂ ਗਈਆਂ, ਲੱਤਾਂ ਨਾਲ ਤੇਜ਼ ਹਥਿਆਰ ਬੰਨ੍ਹੇ ਗਏ ਤਾਂ ਕਿ ਇਹ ਹਾਥੀ ਜਿਥੋਂ ਵੀ ਲੰਘੇ ਕੱਟਦਾ, ਵੱਢਦਾ ਅਤੇ ਤਬਾਹੀ ਕਰਦਾ ਲੰਘੇ। ਇਸ ਮਸਤ ਹਾਥੀ ਦੇ ਨਾਲ ਮੁਕਾਬਲੇ ਦੀ ਜ਼ਿੰਮੇਵਾਰੀ ਭਾਈ ਦੁਨੀ ਚੰਦ ਨੂੰ ਸੌਂਪੀ ਕਿਉਂਕਿ ਉਹ ਇੱਕ ਤਕੜੇ ਸ਼ਰੀਰ ਦਾ ਮਾਲਕ ਸੀ ਪਰ ਉਹ ਕਿਲੇ ਦੀ ਕੰਧ ਰੱਸੇ ਨਾਲ ਉੱਤਰ ਕੇ ਭੱਜ ਗਿਆ ਸੀ। ਕੁੱਝ ਇਹ ਵੀ ਕਹਿੰਦੇ ਹਨ ਕਿ ਸਰੀਰ ਦਾ ਭਾਰਾ ਸੀ ਰੱਸਾ ਟੁੱਟਣ ਕਾਰਣ ਉਸ ਦੀ ਮੌਤ ਹੋ ਗਈ। ।
ਗੁਰੂ ਜੀ ਨੇ ਸਰਦਾਰ ਬਚਿੱਤਰ ਸਿੰਘ ਜੀ ਨੂੰ ਸੱਦਿਆ ਨਾਗਣੀ (ਬਰਛੀ) ਹੱਥ ਫ਼ੜਾ ਦਿੱਤੀ। ਇਹ ਨਾਗਣੀ ਅੱਜ ਵੀ ਆਨੰਦ ਪੁਰ ਵਿਖੇ ਮੌਜੂਦ ਹੈ। ਮਸਤ ਹਾਥੀ ਲੋਹਗੜ੍ਹ ਕਿਲ੍ਹੇ ਦੇ ਮੁੱਖ ਦੁਆਰ ਵੱਲ ਵੱਧ ਰਿਹਾ ਸੀ। ਗੁਰੂ ਜੀ ਦੇ ਹੁਕਮ ਮੁਤਾਬਕ ਬਾਬਾ ਬਚਿੱਤਰ ਸਿੰਘ ਸਹੀ ਵਕਤ ਤੇ ਤਿਆਰ ਹੋ ਗਏ। ਮਸਤ ਹਾਥੀ ਕਿਲੇ ਵੱਲ ਵਧਣ ਲੱਗਾ। ਉਸਦੇ ਪਿੱਛੇ ਵਿਰੋਧੀ ਫੌਜਾਂ ਸਨ ਜੋ ਪੂਰੀ ਜਿੱਤ ਦੀ ਉਮੀਦ ਲੈ ਕੇ ਚੱਲ ਰਹੀਆਂ ਸਨ। ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬਚਿੱਤਰ ਸਿੰਘ ਜੀ ਨਾਗਣੀ ਹੱਥ ਵਿੱਚ ਫੜ ਕੇ ਅਤੇ ਘੋੜੇ ਤੇ ਸਵਾਰ ਹੋ ਕੇ ਬਿਨਾਂ ਰੋਕ ਅੱਗੇ ਆਉਂਦੇ ਮਸਤ ਹਾਥੀ ਵੱਲ ਵਧੇ। ਕੋਲ ਜਾ ਕੇ ਘੋੜੇ ਦੇ ਪੌੜ ਉਪਰ ਉਠਾ ਕੇ ਅਤੇ ਘੋੜੇ ਦੀਆਂ ਰਕਾਬਾਂ ਤੇ ਖੜ੍ਹੇ ਹੋ ਕਿ ਪੂਰੀ ਤਕਨੀਕ ਨਾਲ ਨਾਗਣੀ ਹਾਥੀ ਦੇ ਮੱਥੇ ਵਿੱਚ ਮਾਰੀ ਜੋ ਤਵੀਆਂ ਚੀਰ ਕੇ ਸਿਰ ਵਿੱਚ ਧੱਸ ਗਈ ਅਤੇ ਹਾਥੀ ਦੀ ਚਾਲ ਉਲਟੀ ਕਰ ਦਿੱਤੀ। ਇਹ ਸੱਭ ਇੱਕ ਬਿਜਲੀ ਵਾਲੀ ਫੁਰਤੀ ਨਾਲ ਕੀਤਾ ਕਿਉਂਕਿ ਹਾਥੀ ਨਾਲ ਫੌਜਾਂ ਵੀ ਸਨ ਜਿਨ੍ਹਾਂ ਕੋਲ ਅਸਤਰ ਵੀ ਸਨ ਪਰ ਬਾਬਾ ਬੱਚਿਤਰ ਸਿੰਘ ਨੇ ਅਸਤਰ ਚਲਾਉਣ ਦਾ ਮੌਕਾ ਹੀ ਨਹੀਂ ਦਿੱਤਾ। ਜ਼ਖਮੀ ਹਾਥੀ ਅੱਗੇ ਵਧਣ ਦੀ ਬਜਾਇ ਪਿੱਛੇ ਮੁੜ ਪਿਆ ਅਤੇ ਆਪਣੀਆਂ ਫੌਜਾਂ ਨੂੰ ਹੀ ਲਤਾੜਨ ਲੱਗਾ। ਇਸ ਤਰਾਂ ਇਹ ਜੰਗ ਸੁਖਾਲੀ ਹੀ ਜਿੱਤੀ ਗਈ।
ਜਦੋਂ ਆਨੰਦ ਪੁਰ ਸਾਹਿਬ ਨੂੰ ਮੁਗਲ ਫੌਜਾਂ ਨੇ 9 -10 ਮਹੀਨੇ ਘੇਰਾ ਪਾਈ ਰੱਖਿਆ। ਬਹੁਤ ਸਿੱਖ ਗੁਰੂ ਜੀ ਦਾ ਸਾਥ ਛੱਡ ਗਏ ਪਰ ਕਈ ਪਰਿਵਾਰਾਂ ਨੇ ਇਸ ਔਖੀ ਘੜੀ ਵਿੱਚ ਗੁਰੂ ਜੀ ਦਾ ਸਾਥ ਨਹੀਂ ਛੱਡਿਆ ਜਿਨ੍ਹਾਂ ਵਿੱਚ ਰਾਠੌਰ ਵੰਸ਼, ਪਵਾਰ ਵੰਸ਼, ਚੌਹਾਨ ਵੰਸ਼, ਪਰਮਾਰ ਵੰਸ਼ ਮੁੱਖ ਸਨ। ਬਹੁਤ ਲੋਕ ਕਹਿੰਦੇ ਹਨ ਕਿ ਮੁਸਲਮਾਨਾਂ ਨੇ ਆਨੰਦਪੁਰ ਦਾ ਕਿਲਾ ਖ਼ਾਲੀ ਕਰਵਾਉਣ ਲਈ ਕੁਰਾਨ ਦੀਆਂ ਕਸਮਾਂ ਖਾਧੀਆਂ ਜੋ ਕਿ ਸਰਾਸਰ ਗਲਤ ਹੈ। ਅਨੰਦਪੁਰ ਦਾ ਕਿਲਾ ਖ਼ਾਲੀ ਕਰਨ ਲਈ ਔਰੰਗਜੇਬ ਨੇ ਗੁਰੂ ਜੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਔਰੰਗਜੇਬ ਨੇ ਕੁਰਾਨ ਦੀ ਕਸਮ ਨਾਲ ਕਿਹਾ ਸੀ ਕਿ ਕਿਲਾ ਛੱਡਣ ਉਪਰੰਤ ਤੁਹਾਨੂੰ ਕੁੱਝ ਨਹੀਂ ਕਿਹਾ ਜਾਵੇਗਾ ਜਿਸ ਦਾ ਵਰਣਨ ਗੁਰੂ ਜੀ ਨੇ ਜ਼ਫਰਨਾਮੇ ਵਿੱਚ ਕੀਤਾ ਹੈ।
ਕਿਲਾ ਛੱਡਣ ਤੇ ਮੁਗਲ ਫੌਜਾਂ ਫਿਰ ਪਿੱਛੇ ਲੱਗ ਗਈਆਂ। ਸਤਲੁਜ ਪਾਰ ਕਰਨ ਵੇਲੇ 50 ਸਿੰਘਾਂ ਦਾ ਜਥਾ ਤਿਆਰ ਕੀਤਾ ਗਿਆ ਜਿਸ ਨੇ ਪਿੱਛੇ ਆਉਂਦੀ ਮੁਗਲ ਫੌਜ ਨੂੰ ਰੋਕਣਾ ਸੀ। ਜਿਸ ਦੀ ਮੁੱਖ ਜ਼ੁੰਮੇਵਾਰੀ ਬਾਬਾ ਬੱਚਿਤਰ ਸਿੰਘ, ਬਾਬਾ ਆਲਮ ਸਿੰਘ ਚੌਹਾਨ, ਬਾਬਾ ਬੱਜਰ ਸਿੰਘ ਰਾਠੌਰ ਜੀ ਦੀ ਪੁੱਤਰੀ ਬੀਬੀ ਭਿੱਖਾਂ ਨੂੰ ਦਿੱਤੀ ਗਈ। ਇਨ੍ਹਾਂ ਸੱਭ ਨੂੰ ਪਤਾ ਸੀ ਕਿ ਅਸੀਂ ਇੱਥੇ ਜ਼ਿੰਦਾ ਨਹੀ ਬਚ ਸਕਦੇ ਪਰ ਬੱਚੇ ਅਤੇ ਹੋਰ ਯੋਧਿਆਂ ਨੂੰ ਦੂਰ ਤੱਕ ਜ਼ਿੰਦਾ ਭੇਜਣ ਲਈ ਮੁਗਲ ਫੌਜ ਨੂੰ ਰੋਕਣਾ ਜਰੂਰੀ ਹੈ। ਇਹ ਸਾਰੇ ਮੁਗਲਾਂ ਦਾ ਮੁਕਾਬਲਾ ਕਰਦੇ ਇੱਥੇ ਹੀ ਸ਼ਹੀਦ ਹੋ ਗਏ ਕੁੱਝ ਮੈਦਾਨ ਵਿੱਚ ਹੀ ਸ਼ਹੀਦ ਹੋਏ ਅਤੇ ਕੁੱਝ ਜਿਆਦਾ ਜ਼ਖ਼ਮੀ ਹੋ ਗਏ ਅਤੇ ਕੁੱਝ ਸਮੇਂ ਦੇ ਅੰਦਰ ਪ੍ਰਾਣ ਤਿਆਗ ਗਏ ਜਿਨ੍ਹਾਂ ਵਿੱਚ ਬਾਬਾ ਬਚਿੱਤਰ ਸਿੰਘ ਵੀ ਸੀ