Dulla Bhatti


ਲੋਹੜੀ ਕਿਉਂ ਮਨਾਈ ਜਾਂਦੀ ਹੈ?

ਰਾਇ ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਮ ਦੁੱਲਾ ਭੱਟੀ ਪੰਜਾਬ ਦਾ ਇੱਕ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ ਸੀ, ਜਿਸਨੇ ਮੁਗਲ ਸਮਰਾਟ ਅਕਬਰ ਦੇ ਖਿਲਾਫ ਬਗ਼ਾਵਤ ਦੀ ਅਗਵਾਈ ਕੀਤੀ ਸੀ । ਉਸਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫਰੀਦ ਭੱਟੀ ਸੀ । ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿਚ ਦੁੱਧ ਚੁੰਘਾਵੀ ਦੇ ਤੌਰ ਤੇ ਕੰਮ ਕੀਤਾ। ਰਾਏ ਅਬਦੁੱਲਾ ਖਾਨ ਭੱਟੀ ਨੇ ਇਸ ਹੱਦ ਤੱਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਹੈ ਜਿਸ ਨੂੰ 'ਦੁੱਲੇ ਦੀ ਵਾਰ' ਕਿਹਾ ਜਾਂਦਾ ਹੈ । ਇਸ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ । ਪਾਕਿਸਤਾਨ ਵਿੱਚ ਇੱਕ ਇਲਾਕੇ ਦਾ ਨਾਂ ‘ਸਾਂਦਲ ਬਾਰ’ ਜਾਂ 'ਦੁੱਲੇ ਦੀ ਬਾਰ' ਯਾਨੀ ਦੁੱਲਾ ਭੱਟੀ ਦਾ ਜੰਗਲ ਹੈ । ਇਹ ਮਹਾਨ ਰਾਜਪੂਤ ਨਾਇਕ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਮੈਣੀ ਸਾਹਿਬ ਕਬਰਿਸਤਾਨ ਵਿੱਚ ਦਫਨ ਦੱਸਿਆ ਜਾਂਦਾ ਹੈ।

ਇਤਿਹਾਸਕ ਪੰਜਾਬੀ ਰਾਜਪੂਤ ਯੋਧਾ

ਦੁੱਲਾ ਭੱਟੀ ਦਾ ਜਨਮ ਸਾਂਦਲ ਬਾਰ, ਪਿੰਡੀ, ਪੰਜਾਬ, ਮੁਗਲ ਸਲਤਨਤ (ਪਾਕਿਸਤਾਨ)

ਦੁੱਲੇ ਭੱਟੀ ਦੀ ਦਾਸਤਾਨ ਅਕਬਰ ਦੇ ਸਮੇਂ ਦੀ ਹੈ । ਦੁੱਲੇ ਦਾ ਦਾਦਾ ਸਾਂਦਲ ਭੱਟੀ ਬੜਾ ਬਹਾਦਰ ਰਾਜਪੂਤ ਆਗੂ ਸੀ । ਉਸ ਨੇ ਮੁਗ਼ਲ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਉਸਨੇ ਰਾਵੀ ਦੀ ਜੰਗ ਵਿੱਚ ਮੁਗ਼ਲ ਸਰਕਾਰ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਦੁੱਲੇ ਦਾ ਪਿਉ ਫਰੀਦ ਖਾਨ ਭੱਟੀ ਵੀ ਉਵੇਂ ਹੀ ਸੂਰਬੀਰ ਸੀ । ਅਕਬਰ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜੇ ਤੇ ਪੁੱਠੀਆਂ ਲਟਕਵਾ ਦਿੱਤੀਆਂ ਸਨ । ਉਸ ਸਮੇਂ ਦੁੱਲਾ ਅਜੇ ਮਾਂ ਦੇ ਢਿੱਡ ਵਿਚ ਸੀ। ਉਸ ਦਾ ਜਨਮ ਇਸ ਘਟਨਾ ਤੋਂ ਬਾਅਦ ਹੋਇਆ। ਬਹੁਤ ਸਮੇਂ ਤੱਕ ਦੁੱਲਾ ਭੱਟੀ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ । ਦੁੱਲਾ ਭੱਟੀ ਪੰਜਾਬ ਦਾ ਪੁੱਤਰ ਜਾਂ ਪੰਜਾਬ ਦਾ ਰਾਬਿਨ ਹੁੱਡ ਵਜੋਂ ਜਾਣਿਆ ਜਾਂਦਾ ਹੈ।

ਦੁੱਲਾ ਭੱਟੀ ਦੇ ਕੰਮ ਲੋਕ ਕਥਾਵਾਂ ਵਿਚ ਦਰਜ ਹਨ । ਈਸ਼ਵਰ ਦਿਆਲ ਗੌੜ ਦੇ ਅਨੁਸਾਰ, ਹਾਲਾਂਕਿ ਉਹ ਮੱਧਯੁਗੀ ਪੰਜਾਬ ਵਿੱਚ ਕਿਸਾਨੀ ਵਿਦਰੋਹ ਦਾ ਰੁਝਾਨ ਦੇਣ ਵਾਲਾ ਸੀ, ਪਰ ਉਹ ਪੰਜਾਬ ਦੇ ਘੇਰੇ ਵਿਚ ਹੀ ਰਿਹਾ।

ਦੁੱਲਾ ਭੱਟੀ ਦੇ ਪਿਤਾ, ਫ਼ਰੀਦ ਭੱਟੀ ਅਤੇ ਉਸ ਦੇ ਦਾਦਾ ਸਾਂਦਲ ਭੱਟੀ, ਜਿਨ੍ਹਾਂ ਨੂੰ ਅਕਬਰ ਦੁਆਰਾ ਲਾਗੂ ਕੀਤੀ ਗਈ ਨਵੀਂ ਅਤੇ ਕੇਂਦਰੀ ਜ਼ਮੀਨੀ ਮਾਲ ਉਗਰਾਹੀ ਸਕੀਮ ਦਾ ਵਿਰੋਧ ਕਰਨ ਲਈ ਮੌਤ ਦੇ ਘਾਟ ਉਤਾਰਿਆ ਗਿਆ ਸੀ । ਦੁੱਲਾ ਭੱਟੀ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨਿਆਂ ਬਾਅਦ ਮਾਤਾ ਲੱਧੀ ਤੋਂ ਪੈਦਾ ਹੋਇਆ ਸੀ।

ਇਤਫ਼ਾਕ ਨਾਲ, ਅਕਬਰ ਦਾ ਪੁੱਤਰ, ਸ਼ੇਖੂ (ਜਹਾਂਗੀਰ ) ਵੀ ਉਸੇ ਦਿਨ ਪੈਦਾ ਹੋਇਆ ਸੀ । ਅਕਬਰ ਦਰਬਾਰੀਆਂ ਦੁਆਰਾ ਸਲਾਹ ਦਿੱਤੀ ਗਈ ਕਿ ਜੇ ਸ਼ੇਖੂ ਦੀ ਭਵਿੱਖ ਦੀ ਬਹਾਦਰੀ ਅਤੇ ਸਫਲਤਾ ਨੂੰ ਯਕੀਨੀ ਬਨਾਉਣਾ ਹੈ ਤਾਂ ਇੱਕ ਰਾਜਪੂਤ ਮਾਤਾ ਦਾ ਦੁੱਧ ਬੱਚੇ ਨੂੰ ਪਿਆਇਆ ਜਾਵੇ। ਇਹ ਜੂੰਮੇਵਾਰੀ ਦੁੱਲੇ ਭੱਟੀ ਦੀ ਮਾਂ ਲੱਧੀ ਨੂੰ ਦਿੱਤੀ ਗਈ ।

ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਅਕਬਰ ਦਾ ਪੁੱਤਰ ਸ਼ੇਖੂ ਪੈਦਾ ਹੋਇਆ । ਦੁੱਲਾ ਭੱਟੀ ਵੀ ਉਸ ਦਿਨ ਹੀ ਪੈਦਾ ਹੋਇਆ। ਐਤਵਾਰ ਦਾ ਦਿਨ ਸੀ । ਦੁੱਲੇ ਦੀ ਮਾਤਾ ਲੱਧੀ ਨੂੰ ਲੱਭਿਆ ਗਿਆ । ਸਿਪਾਹੀਆਂ ਨੂੰ ਹੁਕਮ ਹੋਏ ਕਿ ਫੜ ਕੇ ਲਾਹੌਰ ਲਿਆਂਦਾ ਜਾਵੇ । ਲੱਧੀ ਨੂੰ ਲਾਹੌਰ ਲਿਆਂਦਾ ਗਿਆ । ਸ਼ੇਖੂ ਨੂੰ ਵੀ ਰਾਜਪੂਤ ਮਾਂ ਦਾ ਦੁੱਧ ਮਿਲਣ ਲੱਗਾ । ਦੁੱਲੇ ਦੀ ਮਾਤਾ ਲੱਧੀ ਖੱਬੀ ਛਾਤੀ ਦਾ ਦੁੱਧ ਸ਼ੇਖੂ ਨੂੰ ਅਤੇ ਸੱਜੀ ਸ਼ਾਤੀ ਦਾ ਦੁੱਧ ਦੁੱਲੇ ਨੂੰ ਪਿਲਾਉਂਦੀ । ਦੋਨੋ ਬੱਚੇ ਵੱਡੇ ਹੋਣ ਲੱਗੇ । ਦੋਨਾਂ ਨੇਂ ਪਹਿਲਵਾਨੀ ਸਿੱਖੀ, ਘੁੜਸਵਾਰੀ ਸਿੱਖੀ, ਤਲਵਾਰ ਵਾਜੀ ਅਤੇ ਤੀਰਅੰਦਾਜ਼ੀ ਸਿੱਖੀ । ਕਹਿੰਦੇ ਹਨ ਕਿ ਦੁੱਲਾ ਹਮੇਸ਼ਾ ਸ਼ੇਖੂ (ਜਹਾਂਗੀਰ) ਨੂੰ ਹਰਾ ਦਿੰਦਾ ਸੀ । ਇਹ ਗੱਲ ਅਕਬਰ ਨੂੰ ਭਾਉਂਦੀ ਨਹੀਂ ਸੀ । ਉਸ ਨੇਂ ਦੁੱਲੇ ਨੂੰ ਸਜਾ ਦੇਣ ਦਾ ਫੈਸਲਾ ਕਰ ਲਿਆ। ਦੁੱਲਾ ਅਜੇ ਛੋਟਾ ਸੀ । ਮਾਂ ਨੇ ਵਾਸਤਾ ਪਾਇਆ ਕਿ ਤੇਰੇ ਪੁੱਤਰ ਨੂੰ ਵੀ ਮੈਂ ਹੀ ਦੁੱਧ ਪਿਲਾਇਆ ਹੈ ਮੇਰੇ ਪੁੱਤਰ ਨੂੰ ਮਾਫ ਕਰ ਦੇ । ਅਖੀਰ ਉਸ ਨੇ ਮਾਤਾ ਲੱਧੀ ਨੂੰ ਅਤੇ ਦੁੱਲੇ ਨੂੰ ਵਾਪਸ ਉਨ੍ਹਾਂ ਦੇ ਪਿੰਡ ਪਿੰਡੀ ਭੇਜ ਦਿੱਤਾ । ਆਖਿਆ ਕਿ ਦੁੱਲੇ ਨੂੰ ਤਾਲੀਮ ਹਾਸਿਲ ਕਰਵਾਈਂ ਅਤੇ ਜਦੋਂ ਮੈਂ ਸਾਂਦਲ ਬਾਰ ਸ਼ਿਕਾਰ ਲਈ ਆਵਾਂ ਤਾਂ ਦੁੱਲਾ ਮੇਰੇ ਨਾਲ ਜਾਵੇ ।

ਪਿੰਡ ਦੇ ਕਾਜ਼ੀ ਕੋਲ ਦੁੱਲੇ ਨੂੰ ਪੜ੍ਹਨ ਲਾ ਦਿੱਤਾ ਗਿਆ । ਪਿਛਲੀ ਕਹਾਣੀ ਜੋ ਦੁੱਲੇ ਭੱਟੀ ਦੇ ਪਰਿਵਾਰ ਨਾਲ ਵਾਪਰੀ ਸੀ ਉਹ ਕਾਜ਼ੀ ਨੂੰ ਸਾਰੀ ਪਤਾ ਸੀ ਪਰ ਦੁੱਲੇ ਨੂੰ ਅਜੇ ਤੱਕ ਪਤਾ ਨਹੀਂ ਸੀ ਕਿ ਉਸ ਦੇ ਬਾਪ ਅਤੇ ਉਸ ਦੇ ਦਾਦਾ ਦੀ ਮੌਤ ਕਿਵੇਂ ਹੋਈ ਸੀ । ਉਹ ਦੁੱਲੇ ਨੂੰ ਹਮੇਸ਼ਾ ਝਿੜਕਦਾ ਸੀ ਕਿਉਂਕਿ ਕਾਜ਼ੀ ਸਰਕਾਰੀ ਗੁਲਾਮ ਸੀ । ਇੱਕ ਦਿਨ ਦੁੱਲੇ ਨੇ ਤੰਗ ਆ ਕੇ ਕਾਜ਼ੀ ਨੂੰ ਹੀ ਕੁੱਟ ਦਿੱਤਾ । ਫਿਰ ਤਰਖਾਣ ਕੋਲ ਗਿਆ ਅਤੇ ਇੱਕ ਗੁਲੇਲ ਬਣਾਉਣ ਲਈ ਕਿਹਾ । ਪੜ੍ਹਾਈ ਛੱਡ ਕੇ ਬੱਚਿਆਂ ਦੀ ਗੁਲੇਲਾਂ ਵਾਲੀ ਫੌਜ਼ ਬਣਾ ਲਈ । ਦੁੱਲਾ ਥੋੜ੍ਹਾ ਵੱਡਾ ਹੋਇਆ ਪਰ ਅਜੇ ਬੱਚਾ ਹੀ ਸੀ । ਨਾਸਮਝੀ ਵਿੱਚ ਬਾਕੀ ਬੱਚਿਆਂ ਨਾਲ ਮਿਲਾ ਕੇ ਲੋਕਾਂ ਨੂੰ ਤੰਗ ਕਰਨ ਲੱਗ ਗਿਆ । ਇੱਕ ਦਿਨ ਇਕ ਮਰਾਸਣ ਨੂੰ ਬਹੁਤ ਤੰਗ ਕੀਤਾ । ਉਹ ਉਲਾਂਭਾ ਦੇਣ ਦੁੱਲੇ ਦੀ ਮਾਂ ਕੋਲ ਆਈ । ਦੁੱਲਾ ਵੀ ਘਰ ਹੀ ਸੀ । ਉਸ ਨੇ ਦੁੱਲੇ ਨੂੰ ਤਾਹਨਾ ਮਾਰਿਆ ਕਿ ਤੇਰੇ ਵਡੇਰੇ ਜੋ ਲੋਕਾਂ ਦਾ ਭਲਾ ਕਰਦੇ ਸਨ । ਉਨ੍ਹਾਂ ਨੂੰ ਲਾਹੌਰ ਦਰਬਾਰ ਨੇ ਮਾਰ ਦਿੱਤਾ। ਤੂੰ ਭਲੇ ਲੋਕਾਂ ਨੂੰ ਤੰਗ ਕਰਦਾ ਫਿਰਦਾ ਆ ।

ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:-

ਬੋਲੀ ਮਾਰ ਕੇ ਨੰਦੀ ਫਨਾਹ ਕਰਦੀ, ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।

ਬਾਪ ਦਾਦੇ ਦਾ ਇਹ ਤੇ ਸੂਰਮਾ ਏ, ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।

ਏਥੇ ਜ਼ੋਰ ਦਖਾਂਵਦਾ ਔਰਤਾਂ ਨੂੰ, ਤੈਨੂੰ ਰਤੀ ਹਯਾ ਨਾ ਆਂਵਦਾ ਏ।

ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ, ਖੱਲਾਂ ਪੁੱਠੀਆਂ ਚਾ ਲਹਾਂਵਦਾ ਏ।

ਖਲ, ਭੋਹ ਦੇ ਨਾਲ ਭਰਾਇਕੇ ਤੇ, ਉੱਚੇ ਬੁਰਜ ਤੇ ਚਾ ਲਟਕਾਂਵਦਾ ਏ।

ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ, ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ। (ਲਿਖਤ ਕਵੀ ਕਿਸ਼ਨ ਸਿੰਘ ਆਰਫ)

ਇਹ ਸੁਣ ਕੇ ਦੁੱਲੇ ਨੇ ਆਪਣੀ ਤਲਵਾਰ ਕੱਢ ਲਈ ਅਤੇ ਮਰਾਸਣ ਨੂੰ ਕਿਹਾ ਕਿ ਤੂੰ ਝੂਠ ਬੋਲਦੀ ਆ । ਮੈਂ ਤੈਨੂੰ ਮਾਰ ਦੇਣਾ। ਉਸ ਨੇ ਕਿਹਾ ਅਗਰ ਝੂਠ ਸਮਝਦਾ ਤਾਂ ਆਪਣੀ ਮਾਂ ਨੂੰ ਪੁੱਛ ਲੈ । ਨੰਗੀ ਤਲਵਾਰ ਲੈ ਕੇ ਮਾਂ ਮੂਹਰੇ ਜਾਂਦਾ ਹੈ ਅਤੇ ਸੱਚ ਪੁੱਛਦਾ ਹੈ । ਕਹਿੰਦਾ ਕਿ ਮਾਂ ਸੱਚ ਸੱਚ ਦੱਸ ਕੀ ਹੋਇਆ ਸੀ । ਕਿਸ਼ਨ ਸਿੰਘ ਆਰਿਫ਼ ਆਪਣੀ ਕਿਤਾਬ ਕਿੱਸਾ ਦੁੱਲਾ ਭੱਟੀ ਵਿੱਚ ਲਿਖਦਾ ਹੈ ਕਿ ਦੁੱਲੇ ਦੀ ਮਾਂ ਨੇ ਪੂਰੀ ਅਤੇ ਸੱਚੀ ਕਹਾਣੀ ਸੁਣਾਈ ਕਿ ਕਿਵੇਂ ਉਹ ਗਰੀਬ ਲੋਕਾਂ ਦਾ ਭਲਾ ਕਰਦੇ ਸਨ ਅਤੇ ਲਾਹੌਰ ਹਕੂਮਤ ਦੀ ਨਾਫੁਰਮਾਨੀ ਕਰਦੇ ਸਨ । ਕਿਵੇਂ ਫੌਜ ਨੇ ਉਨ੍ਹਾਂ ਨੂੰ ਘੇਰਾ ਪਾਇਆ। ਫੜ ਕੇ ਲਾਹੌਰ ਲੈ ਗਏ । ਦੋਹਾਂ ਦੇ ਸਿਰ ਵੱਢ ਕੇ ਸ਼ਰੀਰ ਵਿਚ ਫੂਸ ਭਰ ਕੇ ਲਾਸ਼ਾਂ ਚੌਕ ਵਿੱਚ ਟੰਗ ਦਿੱਤੀਆਂ। ਕਿਸ਼ਨ ਸਿੰਘ ਆਰਿਫ਼ ਇਹ ਵੀ ਲਿਖਦਾ ਕਿ ਦੁੱਲਾ ਭੱਟੀ ਦੀ ਮਾਂ ਨੇ ਸੱਤ ਕਮਰਿਆਂ ਦੇ ਤਾਲੇ ਵੀ ਖੋਲ ਕੇ ਦਿਖਾਏ ਜੋ ਉਸ ਦੇ ਵਡੇਰਿਆਂ ਦੇ ਹਥਿਆਰਾਂ ਨਾਲ ਭਰੇ ਪਏ ਸਨ।

ਇਸ ਤੋਂ ਬਾਅਦ ਦੁੱਲਾ ਭੱਟੀ ਨੇ ਅਕਬਰ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ । ਉਹ ਸਰਕਾਰੀ ਖਜ਼ਾਨੇ ਲੁੱਟਣ ਲੱਗ ਪਿਆ । ਇੱਕ ਵਾਰ ਉਸ ਨੇ ਸਰਕਾਰੀ ਵਪਾਰੀ ਤੋਂ 500 ਘੋੜੇ ਵੀ ਖੋਹ ਲਏ । ਸਾਰੀਆਂ ਚੀਜ਼ਾਂ ਦੋਸਤਾਂ ਅਤੇ ਗਰੀਬਾਂ ਵਿਚ ਵੰਡ ਦਿੰਦਾ ਸੀ । ਅਕਬਰ ਬਹੁਤ ਪ੍ਰੇਸ਼ਾਨ ਹੋ ਗਿਆ । ਉਸ ਨੇ ਕਈ ਵਾਰ ਫੌਜਾਂ ਭੇਜੀਆਂ । ਦੁੱਲੇ ਕੋਲ 500 ਤੋਂ ਜਿਆਦਾ ਮਾਹਿਰ ਘੋੜਸਵਾਰ ਸਨ । ਜੋ ਸ਼ਾਹੀ ਫੌਜ ਨੂੰ ਕੁੱਝ ਨਹੀਂ ਸਮਝਦੇ ਸਨ । ਫਿਰ ਅਕਬਰ ਨੇ ਸ਼ੇਖੂ (ਜਹਾਂਗੀਰ) ਨੂੰ ਦੁੱਲੇ ਕੋਲ ਭੇਜਿਆ ਕਿਉਂਕਿ ਦੋਨੋ ਬਚਪਨ ਦੇ ਦੋਸਤ ਸਨ । ਉਸ ਸਮੇਂ ਦੁੱਲਾ ਭੱਟੀ ਸ਼ਿਕਾਰ ਖੇਡ ਰਿਹਾ ਸੀ। ਸ਼ੇਖੂ ਨਾਲ 50 ਘੋੜਸਵਾਰ ਸਨ । ਦੁੱਲੇ ਨੂੰ ਮਿਲਿਆ। ਦੁੱਲਾ ਬਹੁਤ ਖੁਸ਼ ਹੋਇਆ। ਇੰਨੇ ਵਿਚ ਇੱਕ ਸ਼ੇਰ ਉਨ੍ਹਾਂ ਵੱਲ ਆਉਂਦਾ ਦਿਖਿਆ । ਦੁੱਲੇ ਨੇ ਸ਼ੇਖੂ ਦੇ ਸਿਪਾਹੀਆਂ ਨੂੰ ਸ਼ੇਰ ਮਾਰਨੇ ਲਈ ਆਖਿਆ । ਸਭ ਡਰ ਗਏ । ਦੁੱਲਾ ਭੱਟੀ ਆਪ ਬਿਜਲੀ ਦੀ ਫੁਰਤੀ ਨਾਲ ਗਿਆ ਅਤੇ ਇੱਕੋ ਵਾਰ ਵਿਚ ਸ਼ੇਰ ਮਾਰ ਦਿੱਤਾ ਪਰ ਦੁੱਲੇ ਨੇ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ । ਸ਼ੇਖੂ ਦੁੱਲੇ ਦੀ ਬਹਾਦਰੀ ਦੇਖ ਕੇ 25 ਘੋੜੇ ਇਨਾਮ ਦੇ ਕੇ ਲਾਹੌਰ ਚਲਾ ਗਿਆ। ਅਕਬਰ ਨੂੰ ਸਾਰੀ ਗੱਲ ਦੱਸੀ।

ਅਕਬਰ ਨੇ ਸ਼ਾਹੀ ਫੌਜ ਵਿੱਚ ਐਲਾਨ ਕੀਤਾ ਕਿ ਜੋ ਦੁੱਲਾ ਭੱਟੀ ਨੂੰ ਜਿੰਦਾ ਜਾਂ ਮੁਰਦਾ ਫੜ ਕੇ ਲਿਆਉਗਾ, ਉਸ ਨੂੰ ਭਾਰੀ ਇਨਾਮ ਮਿਲੂਗਾ। ਇੱਕ ਸੈਨਾਪਤੀ ਮਿਰਜ਼ਾ ਨਿਜ਼ਾਮ-ਉੱਦੀਨ ਤਿਆਰ ਹੋਇਆ। ਉਹ ਦੁੱਲੇ ਭੱਟੀ ਦੇ ਪਿੰਡ ਪਿੰਡੀ ਗਿਆ । ਉਸ ਦਿਨ ਦੁੱਲਾ ਆਪਣੇ ਮਾਮੇ ਕੋਲ ਪਿੰਡ ਚੰਧੜਾਂ ਗਿਆ ਸੀ । ਪਿੰਡ ਨੂੰ ਘੇਰਾ ਲਿਆ । ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ । ਕਹਿੰਦੇ ਕਿ ਦੁੱਲੇ ਦਾ 10 ਸਾਲ ਦਾ ਮੁੰਡਾ ਨੂਰ ਖਾਂ ਜੋ ਲੜਾਈ ਵਿਚ ਮਾਹਿਰ ਸੀ ਘੋੜੇ ਚੜ੍ਹ ਫੌਜ ਨਾਲ ਲੜਾਈ ਕਰਨ ਲੱਗ ਪਿਆ ਅਤੇ ਕਈ ਸਿਪਾਹੀ ਮਾਰ ਵੀ ਦਿੱਤੇ। ਅਖੀਰ ਮਾਰੀਆ ਗਿਆ।

ਇੱਕ ਇੱਕ ਕਰ ਕੇ ਦੁੱਲੇ ਦੇ ਸਰੀਰ ਸਾਥੀ ਮਾਰੇ ਗਏ। ਦੁੱਲਾ ਭੱਟੀ ਇਕੱਲਾ ਘੇਰੇ ਵਿੱਚ ਆ ਗਿਆ। ਅਖੀਰ ਇਕੱਲਾ ਹੋਣ ਕਰ ਕੇ ਬਹਾਦੁਰ ਰਾਜਪੂਤ ਯੋਧਾ ਪੂਰੀ ਫੌਜ ਦਾ ਮੁਕਾਬਲਾ ਨਾ ਕਰ ਸਕਿਆ, ਜਖਮੀ ਹੋ ਕੇ ਡਿਗ ਪਿਆ ਅਤੇ ਫੜ ਲਿਆ ਗਿਆ। ਫੜ ਕੇ ਲਾਹੌਰ ਲਿਆਂਦਾ ਗਿਆ।

ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ । 12 ਜਨਵਰੀ 1599 ਨੂੰ ਦੁੱਲੇ ਭੱਟੀ ਨੂੰ ਲਾਹੌਰ ਵਿੱਚ ਫਾਂਸੀ ਲਗਾ ਦਿੱਤੀ । ਅਗਲੇ ਦਿਨ ਲੋਕਾਂ ਨੇ ਆਪਣੇ ਨਵੇਂ ਜੰਮੇ ਪੁੱਤਰਾਂ ਤੋਂ ਵਾਰ ਕੇ ਗੁੜ ਅਤੇ ਹੋਰ ਮਿਠੀਆਂ ਚੀਜਾਂ ਵੰਡੀਆਂ ਤਾ ਕਿ ਉਨ੍ਹਾਂ ਦੇ ਪੁੱਤਰ ਦੁੱਲੇ ਭੱਟੀ ਵਰਗੇ ਬਹਾਦਰ ਹੋਣ । ਨਵੇਂ ਜਨਮੇ ਪੁੱਤਰਾਂ ਦਾ ਨਾਮ ਵੀ ਦੁੱਲਾ ਹੀ ਰੱਖਿਆ ਗਿਆ। 13 ਜਨਵਰੀ 1599 ਤੋਂ ਲੈ ਕੇ ਅੱਜ ਤੱਕ ਲੋਹੜੀ ਦਾ ਤਿਓਹਾਰ ਮਨਾਇਆ ਜਾਂਦਾ ਹੈ । ਪਹਿਲਾਂ ਇਹ ਸਿਰਫ ਰਾਜਪੂਤ ਹੀ ਮਨਾਉਂਦੇ ਸਨ ਪਰ ਬਾਅਦ ਵਿੱਚ ਸਾਰੇ ਮਨਾਉਣ ਲੱਗ ਪਏ । ਉਸ ਰਾਜਪੂਤ ਯੋਧੇ ਦੀ ਯਾਦ ਲੋਕਾਂ ਨੇ ਅੱਜ ਤਕ ਸਾਂਭੀ ਹੋਈ ਹੈ ।

Writer and Researcher

Satinder Singh Parhar